Tuesday, May 1, 2012

"ਇਹ ਖ਼ੁਦਕੁਸ਼ੀ ਨਹੀਂ ਜਨਾਬ! ਕਤਲ ਹੈ" -ਰਿਵਿਊ -ਰਾਮ ਸਿੰਘ

ਸਭ ਤੋਂ ਪਹਿਲਾਂ ਤਾਂ ਮੈਂ ਇਹੋ ਗੱਲ ਕਹਾਂਗਾ ਕਿ ਗਰੇਵਾਲ ਸਾਹਬ ਨੇ ਮੇਰੇ ਇੱਕ ਕੁਮੈਂਟ ਦੇ ਜਵਾਬ ਵਿੱਚ ਕਿਹਾ  ਸੀ ਕਿ ਉਹਨਾਂ ਨੇ ਨਾਵਲ 'ਚ ਗੱਪਾਂ ਨਹੀਂ ਮਾਰੀਆਂ ਤਾਂ ਸੱਚ ਪੁੱਛੋ ਤਾਂ ਉਦੋਂ ਮੈਨੂੰ ਇਸ ਗੱਲ ਤੇ ਯਕੀਨ ਨਹੀਂ ਆਇਆ ਸੀ, ਪਰ ਨਾਵਲ ਪੜਨ ਤੋਂ ਬਾਅਦ ਪਹਿਲਾਂ ਤਾਂ ਏਸੇ ਗੱਲ ਲਈ ਸਲਾਮ ਕਿ ਮੰਨ ਗਏ ਗਰੇਵਾਲ ਸਾਹਬ, ਗਪੌੜੀ ਜਸੂਸੀ ਨਾਵਲਿਸਟਾਂ ਦੇ ਨਾਵਲਾਂ ਤੋਂ ਤਾਂ ਤੁਹਾਡਾ ਇਹ ਨਾਵਲ ਬਹੁਤ ਉੱਚਾ ਲੰਘ ਗਿਆ। ਇਹਦੇ ਨਾਲ ਇਕ ਹੋਰ ਗੱਲ ਵੀ ਜੋੜਦਾਂ ਕਿ ਕਿਸੇ ਪਾਸਿਓਂ ਨਹੀਂ ਲੱਗਦਾ ਕਿ ਇਹ ਤੁਹਾਡੀ ਪਹਿਲੀ ਰਚਨਾ ਹੈ, ਬਲਕਿ ਐਂ ਲੱਗਦਾ ਪਈ ੧੦੦-੫੦ ਨਾਵਲ ਪਹਿਲਾਂ ਵੀ ਲਿਖੇ ਹੋਣਗੇ। ਪਹਿਲੀ ਰਚਨਾ ਦੇ ਪੱਖੋਂ ਵੱਡੀ ਵਧਾਈ ਦੇ ਪਾਤਰ ਬਣਦੇ ਓ॥

ਹੁਣ ਪਹਿਲਾਂ ਕੁਝ ਬੁਨਿਆਦੀ ਗੱਲਾਂ ਹੋ ਜਾਣ

ਸਭ ਤੋਂ ਪਹਿਲਾਂ ਜੇ ਆਪਾਂ ਪਲਾਟ ਦੀ ਗੱਲ ਕਰੀਏ ਤਾਂ ਕਹਾਣਿ ਦੀ ਡਿਟੇਲ ਚ ਮੈਂ ਨੀਂ ਜਾਣਾ ਕਿਉਂਕਿ ਮਰਡਰ ਮਿਸਟਰੀ ਦੀ ਕਹਾਣੀ ਦੱਸਣ ਨਾਲ਼ ਹਾਲੇ ਜਿਹਨਾਂ ਪਿਆਰਿਆਂ ਨੇ ਨਾਵਲ ਪੜਨਾ ਵਾ ਉਹਨਾਂ ਦਾ ਵੀ ਸੁਆਦ ਖਰਾਬ ਜੋ ਜਾਵੇਗਾ ਸੋ ਮੋਟੀ ਗੱਲ ਕਿ ਪਲਾਟ ਐਨ ਟਿਕਾ ਕੇ ਗੁੰਦਿਆ ਪਿਆ, ਕਿਤੇ ਕੋਈ ਢਿੱਲ ਨੀਂ, ਕਿਤੇ ਕੋਈ ਮੱਠ ਨੀਂ , ਹਾਂ ਇੱਕ ਗੱਲ ਜਰੂਰ ਕਿ ਜੇ ਸਰਦੂਲ ਸਿੰਘ ਦਾ ਸਬ ਪਲਾਟ ਨਾ ਵੀ ਹੁੰਦਾ ਤਾਂ ਵੀ ਨਾਵਲ ਕੰਪਲੀਟ ਸੀ ਕਿਉਂਕਿ ਉਸਦਾ ਮੂਲ ਕਹਾਣੀ ਨਾਲ਼ ਕੋਈ ਵਾਹ ਵਾਸਤਾ ਨਹੀਂ..ਪਰ.. ਉਹ ਕਿਰਦਾਰ ਏਨਾ ਯਾਦਗਾਰ ਹੋ ਨਿੱਬੜਿਆ ਪਈ ਉਸਦੀ ਕਹਾਣੀ ਤੇ ਉਸਦਾ ਮਨੋਵਿਗਿਆਨਕ ਚਿਤਰਣ ਐਨਾ ਕਮਾਲ ਤੇ ਯਥਾਰਥਕ ਹੈ ਪਈ ਉਹ ਇਸ ਨਾਵਲ ਨੂੰ ਇੱਕ ਸਧਾਰਣ ਜਿਹੇ ਜਸੂਸੀ ਨਾਵਲ ਤੋਂ ਵਧਕੇ ਹੋਰ ਹੀ ਉੱਚਾਈਆਂ ਤੱਕ ਲੈ ਜਾਂਦਾ। ਜਸੂਸੀ ਨਾਵਲ ਦੇ ਸੰਦਰਭ ਵਿੱਚ ਆਮ ਤੌਰ ਤੇ ਐਹੋ ਜਿਹਾ ਸਬ ਪਲਾਟ ਜਿਸਦਾ ਮੂਲ ਕਹਾਣਿ ਨਾਲ਼ ਕੋਈ ਬਹੁਤਾ ਵਾਹ ਵਾਸਤਾ ਨਾ ਹੋਵੇ, ਬਹੁਤ ਘਾਤਕ ਘਾਟ ਬਣ ਸਕਦਾ ਸੀ ਪਰ ਮੰਨ ਗਏ ਗਰੇਵਾਲ ਸਾਹਬ ਦੀ 'ਕਲਮ ਦੀ ਤਾਕਤ' ਨੂੰ ਪਈ ਜਿੰਨੀ ਉਤਸੁਕਤਾ ਕਾਤਿਲ ਨੂੰ ਜਾਨਣ ਦੀ ਵਧ ਦੀ ਹੈ ਓਨੀ ਹੀ ਉਤਸੁਕਤਾ ਇਹ ਜਾਨਣ ਦੀ ਵੀ ਵਧਦੀ ਹੈ ਪਈ ਹੁਣ ਸਰਦੂਲ ਸਿੰਘ ਗਾਂਹ ਕੀ ਕਰੂ?

ਪਾਤਰ ਚਿਤਰਣ ਦੀ ਗੱਲ ਕਰੀਏ ਤਾਂ ਏਨੀ ਹੀ ਗੱਲ ਕਹਿਣ ਨਾਲ਼ ਗੱਲ ਨਿੱਬੜ ਜਾਂਦੀ ਹੈ ਕਿ ਇੱਕ-ਇੱਕ ਪਾਤਰ ਨਗੀਨਿਆਂ ਵਾਂਗੂੰ ਜੜਿਆ ਪਿਆ। ਕਿਉਂਕਿ ਗਰੇਵਾਲ ਸਾਹਿਬ ਨੇ ਨਾਵਲ 'ਚ 'ਸ਼ੋਅਲੇ' ਫਿਲਮ ਦਾ ਬੜੇ ਰੋਚਕ ਢੰਗ ਨਾਲ਼ ਜਿਕਰ ਕੀਤਾ ਤਾਂ ਜਿਵੇਂ ਸ਼ੋਅਲੇ 'ਚ ਹਰ ਪਾਤਰ ਭਾਵੇਂ ਉਹ ਛੋਟਾ ਜਾਂ ਵੱਡਾ ਯਾਦਗਾਰ ਹੋ ਨਿਬੜਿਆ ਆਏਂ ਹੀ ਏਸ ਨਾਵਲ ਦਾ ਵੀ ਹਰ ਪਾਤਰ ਪਾਠਕ ਦੇ ਦਿਮਾਗ਼ ਤੇ ਆਪਣਿ ਗਹਿਰੀ ਛਾਪ ਛੱਡ ਜਾਂਦਾ , ਭਾਵੇਂ ਉਹ ਛੋਟਾ ਜਾਂ ਵੱਡਾ, ਹਰ ਪਾਤਰ ਏਨਾ ਸਹਿਜ ਹੈ ਕਿ ਲੱਗਦਾ ਹੀ ਨਹੀਂ ਕਿ ਜਿਵੇਂ ਘੜਿਆ ਹੋਵੇ। ਸਰਦੂਲ ਸਿੰਘ ਦਾ ਜਿਕਰ ਤਾਂ ਮੈਂ ਕਰ ਹੀ ਚੁੱਕਾਂ, ਨਾਵਲ ਦਾ ਹੀਰੋ ਤੇਜਵੀਰ ਇਉਂ ਸਹਿਜੇ ਜਿਹੇ ਡਿਵੈਲਪ ਹੁੰਦਾ ਬਈ ਥੋਨੂੰ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਉਹ ਤੁਹਾਡੇ ਦਿਮਾਗ ਤੇ ਛਾ ਜਾਂਦਾ, ਕਦੋਂ ਤੁਹਾਡੇ ਦਿਲ ਵਿੱਚ ਘਰ ਕਰ ਜਾਂਦਾ। ਗਗਨ ਦੇ ਰਸੀਲੇ ਜੁਮਲੇ ਹਰ ਸੀਨ 'ਚ ਰਸ ਘੋਲਦੇ ਨੇ, ਬਾਕੀ ਵੀ ਜਿਹੜਾ ਮਰਜ਼ੀ ਕਿਰਦਾਰ ਚੱਕ ਲਓ, ਇੱਕ ਤੋਂ ਇੱਕ ਵਧ ਕੇ..ਐਥੇ ਖਾਸ ਤੌਰ ਤੇ ਪਨਵਾੜੀ 'ਬੜੇ ਮੀਆਂ' ਦੀ ਗੱਲ ਕਰਨੀ ਚਾਹੂੰਗਾ ਨਾਵਲ ਪੜ ਕੇ ਮੇਰਾ ਜੀਅ ਕੀਤਾ ਪਈ ਯਾਰ ਗਰੇਵਾਲ ਸਾਹਿਬ ਨੂੰ ਪੁੱਛਾਂ ਪਈ ਕਿਤੇ ਸੱਚੀਂ-ਮੁੱਚੀ ਦਾ ਬੰਦਾ ਤਾਂ ਨੀ ਹੈ, ਤਾਂ ਮਿਲ਼ ਕੇ ਆਈਏ! ਗੱਲ ਕੀ ਹਰ ਕਿਰਦਾਰ ਜਿਉਂਦਾ ਜਾਗਦਾ, ਹੋਰ ਤਾਂ ਹੋਰ ਗਗਨ ਦਾ 'ਨੱਬੇ ਮਾਡਲ ਸਕੂਟਰ' ਵੀ ਤੁਹਾਨੂੰ ਨਾਵਲ ਵਿਚਲੇ ਕਿਸੇ ਕਿਰਦਾਰ ਵਾਂਗੂੰ ਹੀ ਜਿਉਂਦਾ ਜਾਗਦਾ ਲੱਗਦਾ।

ਭਾਸ਼ਾ ਦੀ ਗੱਲ ਕਰੀਏ ਤਾਂ ਨਿਰਸੰਕੋਚ ਪੰਜਾਬੀ ਨਾਵਲ ਜਗਤ ਨੂੰ ਇੱਕ ਨਿਵੇਕਲੀ ਸੁਰ ਪ੍ਰਦਾਨ ਕੀਤੀ ਹੈ ਗਰੇਵਾਲ ਸਾਹਬ ਨੇ, ਅਜਿਹੀ ਭਾਸ਼ਾ ਪਹਿਲਾਂ ਕਦੇ ਕਿਸੇ ਪੰਜਾਬੀ ਨਾਵਲ 'ਚ ਪ੍ਰਯੋਗ ਹੋਈ ਹੋਵੇ, ਮੈਨੂੰ ਇੱਕ ਪਰਸੈਂਟ ਵੀ ਯਕੀਨ ਨਹੀ। ਡਾਇਲਾਗਜ਼ ਦੀ ਗੱਲ ਕਰੀਏ ਤਾਂ ਐਨ ਕਿਰਦਾਰਾਂ ਦੇ ਮੁਤਾਬਿਕ। ਵਿਵਰਣ ਵਿੱਚ ਮੁਹਾਵਰਿਆਂ ਦਾ ਤੜਕਾ ਕਮਾਲ ਦਾ ਹੈ..ਅਤੇ ਕਈ ਥਾਂ ਤੇ ਤਾਂ ਅਜਿਹੀਆਂ ਮੌਲਿਕ ਗੱਲਾਂ ਅਤੇ ਖ਼ਿਆਲ ਨੇ ਜੋ ਪਹਿਲਾਂ ਕਦੇ ਵਰਤੇ ਹੀ ਨਹੀਂ ਗਏ, ਉਹ ਭਾਵੇਂ ਔਰਤ ਅਤੇ ਮਰਦ ਵਿਚਲੇ ਬੁਨਿਆਦੀ ਫਰਕ ਦੀ ਗੱਲ ਹੋਵੇ ਜਾਂ ਗਗਨ ਦਾ ਜੁਮਲਾ ਪਈ ਕਿਤੇ ਇਹ ਨਾ ਹੋਵੇ ਕਿ ਗਰਮੀਆਂ 'ਚ ਸਵੈਟਰ ਅਸੀਂ ਬੁਣਦੇ ਰਹਿ ਜਾਈਏ ਤੇ ਸਿਆਲ਼ਾਂ ' ਪਾਈ ਕੋਈ ਹੋਰ ਫਿਰੇ, ਜਾਂ ਇੱਕ ਜੁਮਲਾ ਗਗਨ ਦਾ ਜਿਸ ਵਿੱਚ ਉਹ ਸਾਰਿਕਾ ਲਈ 'ਲੇਡੀ ਦੇਵਦਾਸ'ਜਿਹਾ ਸੰਬੋਧਨ ਦਿੰਦਾ, ਭਾਸ਼ਾ ਵਿੱਚ ਇੱਕ ਨਿਵੇਕਲਾਪਣ ਅਤੇ ਮੌਲਿਕਤਾ ਦਰਸਾਉਂਦੇ ਹਨ। 'ਬੜੇ ਮੀਆਂ' ਨਾਲ਼ ਤੇਜਵੀਰ ਦਾ ਉਰਦੂ ਭਾਸ਼ਾ ਵਿੱਚ ਵਾਰਤਾਲਾਪ ਅਤੇ ਕਿਰਦਾਰਾਂ ਦੀ ਸੋਚ ਖ਼ਾਸਕਰ ਗਗਨ ਦੀ ਸੋਚ ਦੇ ਮੋਨੋਲਾਗਜ਼ ਅਤੇ ਉਹਨਾਂ ਦਾ ਇਟਾਲਿਕ ਫੌਂਟਸ ਵਿੱਚ ਦਰਸਾਉਣਾ ਜੋ ਕਿ ਮੇਰੇ ਖਿਆਲ 'ਚ ਇੱਕ ਨਵਾਂ ਹੀ ਤਜਰਬਾ ਕੀਤਾ ਗਰੇਵਾਲ ਸਾਹਬ ਨੇ, ਨਾਵਲ ਨੂੰ ਨਾਵਲਾਂ ਦੀ ਭੀੜ 'ਚੋਂ ਵੱਖਰਾ ਕਰ ਦਿੰਦਾ।

ਇੱਕ ਗੱਲ ਮੈਂ ਬੜਾ ਜੋਰ ਦੇ ਕੇ ਕਹਾਂਗਾ ਪਈ ਪੂਰੀ ਕਿਤਾਬ ਦਾ ਕੋਈ ਵੀ ਪੰਨਾ ਚੁੱਕ ਕੇ ਦੇਖ ਲਓ, ਗਰੇਵਾਲ ਸਾਹਬ ਦੇ ਲੇਖਣ ਦੀ ਨਿਵੇਕਲੀ ਛਾਪ ਦਿਖਾਈ ਦੇਵੇਗੀ। ਭਵਿੱਖ ਵਿਚ ਮੈਂ ਉਹਨਾਂ ਦੇ ਆਉਣ ਕਿਸੇ ਵੀ ਨਾਵਲ ਦਾ ਇੱਕ ਪੇਜ ਦੇਖ ਕੇ ਪਛਾਣ ਸਕਦਾਂ ਕਿ ਇਹ ਲਿਖਤ ਹਰਦੇਵ ਗਰੇਵਾਲ ਦੀ ਹੈ, ਜੋ ਕਿ ਕਿਸੇ ਲੇਖਕ ਲਈ ਬਹੁਤ ਵੱਡੀ ਗੱਲ ਹੈ।

ਰਿਵਿਊ ਕੁਝ ਜ਼ਿਆਦਾ ਹੀ ਲੰਬਾ ਹੋ ਗਿਆ, ਸੋ ਅੰਤ ਵਿੱਚ ਮੈਂ ਇਹੀ ਕਹੂੰਗਾ ਪਈ ਇਹ ਨਾਵਲ ਵਰਲਡ ਕਲਾਸ ਨਾਵਲ ਹੋ ਨਿੱਬੜਿਆ ਹੈ ਅਤੇ ਗਰੇਵਾਲ ਸਾਹਬ ਦਾ ਇਹ ਇਹ ਪਹਿਲਾ ਅਤੇ ਪਹਿਲਕਦਮੀ ਵਾਲ਼ਾ ਕਦਮ ਕਿਆ ਖੂਬ ਧਰਿਆ ਉਹਨਾਂ ਨੇ... ਗਰੇਵਾਲ ਸਾਹਬ ! ਵਧਾਈ ਦੇ ਪਾਤਰ ਹੋਂ..ਸਤਿਗੁਰ ਦੀ ਬੜੀ ਕਿਰਪਾ ਹੈ ਤੁਹਾਡੇ ਤੇ ਅਤੇ ਸਤਿਗੁਰ ਤੁਹਾਡੀ ਕਲਮ ਤੇ ਅਤੇ ਤੁਹਾਡੇ ਤੇ ਇਉਂ ਹੀ ਓਟ ਆਸਰਾ ਬਣਾਈ ਰੱਖਣ।